Prabhat Times

ਕਾਂਗਰਸੀ ਆਗੂਆਂ ਨੇ ਡੇਰਾ ਸੱਚਖੰਡ ਬੱਲਾਂ, ਡੇਰਾ ਬਾਬਾ ਜੌੜੇ, ਭਗਵਾਨ ਵਾਲਮੀਕਿ ਯੋਗ ਆਸ਼ਰਮ (ਰਹੀਮਪੁਰ), ਡੇਰਾ ਬਾਬਾ ਮੁਰਾਦ ਸ਼ਾਹ, ਡੇਰਾ ਬਾਬਾ ਲਾਲ ਬਾਦਸ਼ਾਹ ਅਤੇ ਗੁਰਦੁਆਰਾ ਸ੍ਰੀ ਮਾਲੜੀ ਸਾਹਿਬ ਵਿਖੇ ਟੇਕਿਆ ਮੱਥਾ

ਜਲੰਧਰ : (Congress candidate Karamjit Kaur Chaudhary, senior Congress leaders pay obeisance at various deras) ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਵੀਰਵਾਰ ਨੂੰ ਕਈ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਵੱਖ-ਵੱਖ ਡੇਰਿਆਂ ਵਿਖੇ ਨਤਮਸਤਕ ਹੋਏ।

ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਬਾਬਾ ਨਿਰੰਜਨ ਦਾਸ ਜੀ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬਾ ਜੌੜੇ) ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਤੇ ਭਗਵਾਨ ਵਾਲਮੀਕਿ ਯੋਗ ਆਸ਼ਰਮ (ਰਹੀਮਪੁਰ) ਵਿਖੇ ਸੰਤ ਬਾਬਾ ਪ੍ਰਗਟ ਨਾਥ ਜੀ ਤੋਂ ਅਸ਼ੀਰਵਾਦ ਲਿਆ ਅਤੇ ਡੇਰਾ ਬਾਬਾ ਮੁਰਾਦ ਸ਼ਾਹ, ਡੇਰਾ ਬਾਬਾ ਲਾਲ ਬਾਦਸ਼ਾਹ ਤੇ ਗੁਰਦੁਆਰਾ ਸ੍ਰੀ ਮਾਲੜੀ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਵਿਧਾਇਕ ਦਲ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ, ਜਲੰਧਰ ਉੱਤਰੀ ਵਿਧਾਇਕ ਅਵਤਾਰ ਸਿੰਘ ਜੂਨੀਅਰ, ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਤੇ ਚੌਧਰੀ ਸੁਰਿੰਦਰ ਸਿੰਘ ਅਤੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਦਹੀਆ ਹਾਜ਼ਰ ਸਨ।

ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਚੌਧਰੀ ਪਰਿਵਾਰ ਦਹਾਕਿਆਂ ਤੋਂ ਡੇਰਾ ਸੱਚਖੰਡ ਬੱਲਾਂ ਨਾਲ ਜੁੜੇ ਹੋਏ ਹਨ ਅਤੇ ਇਹ ਮਾਸਟਰ ਗੁਰਬੰਤਾ ਸਿੰਘ ਹੀ ਸਨ, ਜਿਨ੍ਹਾਂ ਨੇ 1976 ਵਿਚ ਬੱਲਾਂ ਵਿਖੇ ਸੰਤ ਹਰੀ ਦਾਸ ਸਤਿਸੰਗ ਹਾਲ ਦਾ ਨੀਂਹ ਪੱਥਰ ਰੱਖਿਆ ਸੀ, ਪਰ ਹੁਣ ਨਵੀਂ ਬਣੀ ‘ਆਪ’ ਪਾਰਟੀ ਤੇ ਸਰਕਾਰ ਦੇ ਸਿਆਸੀ ਮੌਕਾਪ੍ਰਸਤ ਆਗੂ ਜਲੰਧਰ ਦੀ ਆਗਾਮੀ ਜ਼ਿਮਨੀ ਚੋਣ ਵਾਸਤੇ ਕੁਝ ਵੋਟਾਂ ਹਾਸਲ ਕਰਨ ਦੀ ਬੇਚੈਨੀ ਨਾਲ ਧਾਰਮਿਕ ਅਸਥਾਨਾਂ ਦੇ ਗੇੜੇ ਮਾਰ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਲੋਕ ਇੱਕ ਸਾਲ ਵਿੱਚ ਹੀ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਮੌਕਾ ਮਿਲਦੇ ਸਾਰ ਹੀ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤਿਆਰ ਹਨ।

ਡੇਰਾ ਸੱਚਖੰਡ ਬੱਲਾਂ ਵਿਖੇ ਕਾਂਗਰਸੀ ਆਗੂਆਂ ਨੇ ਸੰਤ ਬਾਬਾ ਨਿਰੰਜਨ ਦਾਸ ਨਾਲ 50 ਕਰੋੜ ਰੁਪਏ ਦੀ ਲਾਗਤ ਨਾਲ ਬਣਨਵਾਲੇ ਅਤਿ-ਆਧੁਨਿਕ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 25 ਕਰੋੜ ਰੁਪਏ ਦਾ ਚੈੱਕ ਜਾਰੀ ਕੀਤਾ ਸੀ, ਪਰ ਕ੍ਰੈਡਿਟ ਲੈਣ ਦੀ ਕੋਸ਼ਿਸ਼ ਵਿੱਚ ‘ਆਪ’ ਸਰਕਾਰ ਨੇ ਇਹ ਜਾਰੀ ਕੀਤੀ ਰਾਸ਼ੀ ਵਾਪਸ ਲੈ ਲਈ ਅਤੇ ਮੁੜ ਗਰਾਂਟ ਮਨਜ਼ੂਰ ਕਰਨ ਦਾ ਡਰਾਮਾ ਕੀਤਾ।

ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸੰਤ ਨਿਰੰਜਨ ਦਾਸ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿੱਚ ਖਤਮ ਹੋਏ ਬਜਟ ਸੈਸ਼ਨ ਦੌਰਾਨ 50 ਕਰੋੜ ਰੁਪਏ ਦੀ ਗਰਾਂਟ ਦਾ ਮਾਮਲਾ ਉਠਾਇਆ ਸੀ।

ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗਰਾਂਟ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਸਰਕਾਰ ਨੇ ਪਹਿਲਾਂ ਇਸ ਗਰਾਂਟ ਦੀ ਰਿਲੀਜ਼ ਨੂੰ ਰੋਕ ਦਿੱਤਾ ਅਤੇ ਫਿਰ ਸਾਰਾ ਸਿਹਰਾ ਆਪਣੇ ਸਿਰ ਲੈਣ ਲਈ ਅਧਿਐਨ ਕੇਂਦਰ ਪ੍ਰੋਜੈਕਟ ਵਾਸਤੇ ਉਹੀ ਗਰਾਂਟ ਮਨਜ਼ੂਰ ਕਰਨ ਦਾ ਨਾਟਕ ਕੀਤਾ।

ਆਗੂਆਂ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਰੱਖਣ ਦਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ‘ਆਪ’ ਸਰਕਾਰ ਨੂੰ ਦੋਆਬੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪਾਵਨ ਨਾਮ ਰੱਖਣ ਦੀ ਪ੍ਰਕਿਰਿਆ ਨੂੰ ਤੁਰੰਤ ਮੁਕੰਮਲ ਕਰਨਾ ਚਾਹੀਦਾ ਹੈ।

ਵਿਧਾਇਕ ਚੌਧਰੀ ਨੇ ਕਿਹਾ ਕਿ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਨੇ ਪਿਛਲੇ ਸਾਲਾਂ ਦੌਰਾਨ ਕਈ ਵਾਰ ਇਹ ਮੁੱਦਾ ਲੋਕ ਸਭਾ ਵਿੱਚ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅੱਗੇ ਉਠਾਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2017 ‘ਚ ਵਿਧਾਨ ਸਭਾ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ‘ਤੇ ਰੱਖਣ ਵਾਸਤੇ ਮਤਾ ਵੀ ਪਾਸ ਕੀਤਾ ਸੀ।

ਸਾਰੇ ਅਸਥਾਨਾਂ ‘ਤੇ ਮੱਥਾ ਟੇਕਣ ਉਪਰੰਤ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਇਹਨਾਂ ਡੇਰਿਆਂ ਅਤੇ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਉਹਨਾਂ ਨੂੰ ਅਸੀਮ ਸ਼ਾਂਤੀ ਦਾ ਅਨੁਭਵ ਹੋਇਆ ਹੈ।

ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਕੁੱਲ ਮਨੁੱਖਤਾ ਵਿੱਚ ਪਿਆਰ, ਦਇਆ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਪ੍ਰਚਾਰਨ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਡੇਰਿਆਂ ਦਾ ਪਵਿੱਤਰ ਆਸ਼ੀਰਵਾਦ ਉਹਨਾਂ ‘ਤੇ ਬਣਿਆ ਰਹੇਗਾ।

 

Click Here

Join Whatsapp Link for Latest News

खबर ये भी हैं….


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1